ਕੈਲਗਰੀ, 25 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਲਗਰੀ ਦੇ ਸ਼ੌਪਿੰਗ ਸੈਂਟਰ ਵਿਚ ਗੋਲੀਬਾਰੀ ਦਾ ਮਾਮਲਾ ਠੰਢਾ ਨਹੀਂ ਪਿਆ ਕਿ ਇਕ ਮਾਰਕਿਟ ਮੌਲ ਵਿਚ ਦੋ ਧੜਿਆਂ ਵਿਚਾਲੇ ਟਕਰਾਅ ਦੌਰਾਨ ਤਿੰਨ ਜਣੇ ਜ਼ਖ਼ਮੀ ਹੋ ਗਏ। ਜ਼ਖਮੀਆਂ ਵਿਚੋਂ ਇਕ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਜਿਸ ਨੂੰ ਫੁਟਹਿਲਜ਼ ਮੈਡੀਕਲ ਸੈਂਟਰ ਵਿਚ ਭਰਤੀ ਕਰਵਾਇਆ ਗਿਆ ਹੈ। ਕੈਲਗਰੀ ਪੁਲਿਸ ਨੇ ਦੱਸਿਆ ਕਿ ਸ਼ੁੱਕਰਵਾਰ ਬਾਅਦ ਦੁਪਹਿਰ ਤਕਰੀਬਨ ਢਾਈ ਵਜੇ ਹਥਿਆਰ ਨਾਲ ਹਮਲਾ ਹੋਣ ਦੀ ਇਤਲਾਹ ਮਿਲੀ ਅਤੇ ਮੌਕੇ ’ਤੇ ਪੁੱਜੇ ਅਫਸਰਾਂ ਨੂੰ ਦੋ ਜਣੇ ਜ਼ਖਮੀ ਹਾਲਤ ਵਿਚ ਮਿਲੇ ਜਦਕਿ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਕੁਝ ਦਿਨ ਪਹਿਲਾਂ ਹੀ ਗੋਲੀਬਾਰੀ ਦੌਰਾਨ ਹੋਈ ਸੀ ਇਕ ਜਣੇ ਦੀ ਮੌਤ
ਸਟਾਫ ਸਾਰਜੈਂਟ ਲੌਨ ਬਰੂਸਟਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਵਾਰਦਾਤ ਲੋਕਾਂ ਦੀ ਸੁਰੱਖਿਆ ਵਾਸਤੇ ਕੋਈ ਖਤਰਾ ਪੈਦਾ ਨਹੀਂ ਕਰਦੀ ਜੋ ਦੋ ਧੜਿਆਂ ਵਿਚਾਲੇ ਟਕਰਾਅ ਦਾ ਨਤੀਜਾ ਸੀ। ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਝਗੜਾ ਪੈਸੇ ਨੂੰ ਲੈ ਕੇ ਹੋ ਰਿਹਾ ਸੀ ਅਤੇ ਇਕ ਸ਼ਖਸ ਉਚੀ ਆਵਾਜ਼ ਵਿਚ ਮੇਰਾ ਪੈਸਾ ਕਿੱਥੇ ਐ, ਮੇਰਾ ਪੈਸਾ ਕਿੱਥੇ ਐ, ਬੋਲ ਰਿਹਾ ਸੀ। ਇਸ ਦੌਰਾਨ ਇਕ ਸ਼ਖਸ ਮੇਰਾ ਪਸਤੌਲ ਕੱਢ ਵਰਗੇ ਸ਼ਬਦਾਂ ਦੀ ਵਰਤੋਂ ਕਰਨ ਲੱਗਾ। ਐਮਰਜੰਸੀ ਕਾਮਿਆਂ ਨੇ ਦੱਸਿਆ ਕਿ ਤੀਜੇ ਜ਼ਖਮੀ ਮਾਮੂਲੀ ਜ਼ਖਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਵਾਰਦਾਤ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਤੁਰਤ 403 266 1234 ’ਤੇ ਸੰਪਰਕ ਕਰੇ।