ਕੈਂਬਰਿਜ ਯੂਨੀਵਰਸਿਟੀ ਨੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਡਾ. ਮਨਮੋਹਨ ਸਿੰਘ ਦਾ ਚਿੱਤਰ ਲਾਇਆ ਹੈ,ਕੈਂਬਰਿਜ ਆਪਣੇ ਸਾਬਕਾ ਵਿਦਿਆਰਥੀਆਂ ਦੀਆਂ ਤਸਵੀਰਾਂ ਬਹੁਤ ਘੱਟ ਲਾਉਂਦਾ ਹੈ ਅਤੇ ਯੂਨੀਵਰਸਿਟੀ ਦਾ ਇਹ ਕਦਮ ਮਨਮੋਹਨ ਸਿੰਘ ਦੀ ਬੌਧਿਕ ਸਮਰੱਥਾ ਨੂੰ ਸਵੀਕਾਰ ਕਰਨਾ ਹੈ। ਮਨਮੋਹਨ ਸਿੰਘ ਨੇ ਯੂਨੀਵਰਸਿਟੀ ਦੇ ਅਰਥ ਸ਼ਾਸਤਰ ਵਿਭਾਗ ਵਿੱਚ ਪੜ੍ਹਾਈ ਕੀਤੀ ਸੀ।

2024 ਵਿੱਚ ਜਦੋਂ ਮਨਮੋਹਨ ਸਿੰਘ ਦਾ ਦੇਹਾਂਤ ਹੋਇਆ ਤਾਂ ਯੂਨੀਵਰਸਿਟੀ ਨੇ ਸ਼ੋਕ ਸੁਨੇਹਾ ਜਾਰੀ ਕਰ ਕੇ ਕਿਹਾ ਸੀ ਕਿ ਉਹ ਆਪਣੇ ਸਭ ਤੋਂ ਪ੍ਰਮੁੱਖ ਸਾਬਕਾ ਵਿਦਿਆਰਥੀਆਂ ਵਿੱਚੋਂ ਇੱਕ ਦੇ ਵਿਛੋੜੇ ਤੋਂ ਬਹੁਤ ਦੁਖੀ ਹਨ। ਜਿਸ ਤੋਂ ਬਾਅਦ ਭਾਰਤ ਸਰਕਾਰ ਦੇ ਸਾਬਕਾ ਮੁੱਖ ਆਰਥਿਕ ਸਲਾਹਕਾਰ ਕੌਸ਼ਿਕ ਬਾਸੂ ਸਣੇ ਕਈ ਸਿੱਖਿਆ ਸ਼ਾਸਤਰੀਆਂ ਨੇ ਸੋਸ਼ਲ ਮੀਡੀਆ ’ਤੇ ਇਸ ਫ਼ੈਸਲੇ ਦੀ ਸ਼ਲਾਘਾ ਕੀਤੀ ਹੈ। ਕੌਸ਼ਿਕ ਬਾਸੂ ਨੇ ਕਿਹਾ, ‘‘ਮੈਨੂੰ ਖ਼ੁਸ਼ੀ ਹੈ ਕਿ ਕੈਂਬਰਿਜ ਨੇ ਮਨਮੋਹਨ ਸਿੰਘ ਦਾ ਚਿੱਤਰ ਲਾਇਆ ਹੈ। ਉਹ ਦੁਨੀਆ ਦੇ ਸਭ ਤੋਂ ਸਤਿਕਾਰਤ ਆਗੂਆਂ ਵਿੱਚ ਸ਼ੁਮਾਰ ਹਨ।’’ ਉਨ੍ਹਾਂ ਕਿਹਾ ਕਿ ਉਨ੍ਹਾਂ ਮਨਮੋਹਨ ਸਿੰਘ ਨਾਲ ਨੇੜਿਓਂ ਕੰਮ ਕੀਤਾ ਹੈ ਅਤੇ ਉਹ ‘ਯਕੀਨ ਨਾਲ ਕਹਿ ਸਕਦੇ ਹਨ ਕਿ ਉਹ ਦਾਨਿਸ਼ਮੰਦੀ, ਸਾਦਗੀ ਅਤੇ ਇਮਾਨਦਾਰੀ ਦੇ ਦੁਰਲੱਭ ਸੁਮੇਲ ਲਈ ਵੱਖਰੇ ਤੌਰ ’ਤੇ ਪਛਾਣੇ ਜਾਂਦੇ ਸਨ ਅਤੇ ਇਸੇ ਗੱਲ ਨੇ ਭਾਰਤ ਨੂੰ ਵਿਸ਼ਵ ਪੱਧਰ ’ਤੇ ਖ਼ਾਸ ਥਾਂ ਦਿਵਾਈ।’