
ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਆਮ ਆਦਮੀ ਪਾਰਟੀ ‘ਚ ਹੋਏ ਸ਼ਾਮਿਲ

ਕਾਂਗਰਸ ਦੇ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਅੱਜ ਆਮ ਆਦਮੀ ਪਾਰਟੀ ‘ਚ ਸ਼ਾਮਿਲ ਹੋਏ ਹਨ। ਜੋਗਿੰਦਰ ਸਿੰਘ ਮਾਨ ਦੇ ਅੱਜ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ‘ਤੇ ਕੇਜਰੀਵਾਲ ਅਤੇ ਰਾਘਵ ਚੱਢਾ ਨੇ ਉਨ੍ਹਾਂ ਦਾ ਸਵਾਗਤ ਕੀਤਾ ਹੈ। ਇਸ ਦੀ ਜਾਣਕਾਰੀ ਰਾਘਵ ਚੱਢਾ ਨੇ ਆਪਣੇ ਟਵਿੱਟਰ ਹੈਂਡਲ ‘ਤੇ ਪੋਸਟ ਕਰ ਦਿੱਤੀ ਹੈ ਜਿਸ ‘ਚ ਕੇਜਰੀਵਾਲ ਤੇ ਰਾਘਵ ਚੱਢਾ ਜੋਗਿੰਦਰ ਸਿੰਘ ਮਾਨ ਨਾਲ ਦਿਖਾਈ ਦੇ ਰਹੇ ਹਨ। ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਣ ਤੋਂ ਬਾਅਦ ਕਿਆਸ ਲਾਏ ਜਾ ਰਹੇ ਹਨ ਕਿ ਜੋਗਿੰਦਰ ਮਾਨ ਦੋਆਬਾ ਖੇਤਰ ਦੇ ਕਿਸੇ ਹਲਕੇ ਤੋਂ ਚੋਣ ਲੜ ਸਕਦੇ ਹਨ।
ਦੱਸਣਯੋਗ ਹੈ ਕਿ ਬੀਤੇ ਦਿਨੀ ਸੂਬੇ ਵਿੱਚ ਕਾਂਗਰਸ ਪਾਰਟੀ ਦੇ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਵੱਡੇ ਚਿਹਰੇ ਅਤੇ ਸਾਬਕਾ ਮੰਤਰੀ ਪੰਜਾਬ ਜੋਗਿੰਦਰ ਸਿੰਘ ਮਾਨ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ (ਕੈਬਨਿਟ ਰੈਂਕ) ਦੇ ਚੇਅਰਮੈਨ ਦੇ ਅਹੁਦੇ ਤੋਂ ਵੀ ਅਸਤੀਫਾ ਦੇ ਦਿੱਤਾ ਸੀ, ਜਿਸ ਨਾਲ ਉਨ੍ਹਾਂ ਦਾ ਕਾਂਗਰਸ ਨਾਲ 50 ਸਾਲ ਪੁਰਾਣਾ ਰਿਸ਼ਤਾ ਟੁੱਟ ਗਿਆ ਹੈ।
ਸੋਨੀਆ ਗਾਂਧੀ ਨੂੰ ਲਿਖੇ ਭਾਵੁਕ ਪੱਤਰ ਵਿੱਚ ਫਗਵਾੜਾ ਤੋਂ ਤਿੰਨ ਵਾਰ ਵਿਧਾਇਕ, ਸਵ. ਬੇਅੰਤ ਸਿੰਘ, ਸਵ. ਐਚ.ਐਸ. ਬਰਾੜ, ਰਜਿੰਦਰ ਕੌਰ ਭੱਠਲ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਮੰਤਰੀ ਮੰਡਲ ਵਿੱਚ ਮੰਤਰੀ ਰਹਿ ਚੁੱਕੇ ਜੋਗਿੰਦਰ ਸਿੰਘ ਮਾਨ ਨੇ ਕਿਹਾ ਹੈ ਕਿ ਮੇਰਾ ਸੁਪਨਾ ਸੀ ਕਿ ਜਦੋਂ ਮੈਂ ਮਰਾਂਗਾ ਤਾਂ ਟਕਸਾਲੀ ਕਾਂਗਰਸੀ ਹੋਣ ਕਰਨ ਮੇਰਾ ਸਰੀਰ ਤਿਰੰਗੇ ਵਿੱਚ ਲਪੇਟਿਆ ਜਾਵੇਗਾ ਪਰ ਕਾਂਗਰਸ ਵੱਲੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਦੋਸ਼ੀਆਂ ਦੀ ਸਰਪ੍ਰਸਤੀ ਨਾਲ ਮੇਰੀ ਜ਼ਮੀਰ ਮੈਨੂੰ ਇਸ ਪਾਰਟੀ ਵਿੱਚ ਰਹਿਣ ਦੀ ਇਜਾਜ਼ਤ ਨਹੀਂ ਦਿੰਦੀ।
ਜ਼ਿਕਰਯੋਗ ਹੈ ਕਿ ਮਾਨ ਫਗਵਾੜਾ ਤੋਂ ਚੋਣ ਲੜਦੇ ਰਹੇ ਹਨ ਤੇ ਬੇਅੰਤ ਸਿੰਘ ਦੀ ਸਰਕਾਰ ‘ਚ ਮੰਤਰੀ ਰਹੇ ਸਨ। ਇਸ ਦੇ ਨਾਲ ਹੀ ਮਾਨ ਬੂਟਾ ਸਿੰਘ ਦੇ ਰਿਸ਼ਤੇਦਾਰ ਵੀ ਹਨ।