ਕੈਬਨਿਟ ਮੰਤਰੀ ਹਰਜੋਤ ਬੈਂਸ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਚੱਲ ਰਹੇ ਸੈਰ-ਸਪਾਟਾ ਵਿਭਾਗ ਦੇ ਪ੍ਰੋਜੈਕਟਾਂ ਦਾ ਤੂਫਾਨੀ ਦੌਰਾ
ਢਾਈ ਦਹਾਕਿਆਂ ਵਿੱਚ ਪਹਿਲੀ ਵਾਰ ਪੰਜ ਪਿਆਰਾ ਪਾਰਕ ਦੀ ਬਦਲੀ ਜਾ ਰਹੀ ਹੈ ਨੁਹਾਰ
ਸ੍ਰੀ ਅਨੰਦਪੁਰ ਸਾਹਿਬ: ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਕੂਲ ਸਿੱਖਿਆ, ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ, ਉਚੇਰੀ ਸਿੱਖਿਆ ਪੰਜਾਬ ਨੇ ਅੱਜ ਸ੍ਰੀ ਅਨੰਦਪੁਰ ਸਾਹਿਬ ਦੇ ਦੌਰੇ ਦੌਰਾਨ ਸੈਰ ਸਪਾਟਾ ਵਿਭਾਗ ਵੱਲੋਂ ਕਰਵਾਏ ਜਾ ਰਹੇ ਵਿਕਾਸ ਪ੍ਰੋਜੈਕਟਾਂ ਦਾ ਜਾਇਜਾ ਲਿਆ ਅਤੇ ਸਾਰੇ ਪ੍ਰੋਜੈਕਟ ਜਲਦੀ ਮੁਕੰਮਲ ਕਰਕੇ ਸੰਗਤਾਂ ਨੂੰ ਸਮਰਪਿਤ ਕਰਨ ਲਈ ਕਿਹਾ।
ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਸ੍ਰੀ ਗੁਰੂ ਤੇਗ ਬਹਾਦੁਰ ਮਿਊਜੀਅਮ ਦਾ ਜਲਦੀ ਨਵੀਨੀਕਰਨ ਕਰਨ ਉਪਰੰਤ ਲੋਕਾਈ ਨੂੰ ਸਮਰਪਿਤ ਕਰਨ ਲਈ ਕਾਰਜਕਾਰੀ ਇੰਜੀਨਿਅਰ ਸੈਰ ਸਪਾਟਾ ਭੁਪਿੰਦਰ ਸਿੰਘ ਚਾਨਾਂ ਨੂੰ ਕਿਹਾ। ਉਨ੍ਹਾਂ ਨੇ ਵਿਰਾਸਤ-ਏ-ਖਾਲਸਾ ਵਿੱਚ ਉਸਾਰੇ ਜਾ ਰਹੇ ਨੇਚਰ ਪਾਰਕ ਅਤੇ ਬੱਸ ਸਟੈਂਡ ਨੇੜੇ ਉਸਾਰੀ ਅਧੀਨ ਯਾਤਰੀ ਸੂਚਨਾ ਕੇਂਦਰ ਦੇ ਚੱਲ ਰਹੇ ਕੰਮ ਦਾ ਜਾਇਜਾ ਲਿਆ ਅਤੇ ਇਨ੍ਹਾਂ ਸਾਰੇ ਪ੍ਰੋਜੈਕਟਾਂ ਨੂੰ ਹੋਰ ਗਤੀ ਦੇਣ ਲਈ ਕਿਹਾ।
ਹਰਜੋਤ ਬੈਂਸ ਸਭ ਤੋ ਪਹਿਲਾ ਪੰਜ ਪਿਆਰਾ ਪਾਰਕ ਪਹੁੰਚੇ ਜਿੱਥੇ ਉਨ੍ਹਾਂ ਨੇ ਪਾਰਕ ਦੇ ਸਮੁੱਚੇ ਖੇਤਰ ਦਾ ਦੌਰਾ ਕੀਤਾ ਅਤੇ ਚੱਲ ਰਹੇ ਵਿਕਾਸ ਦੇ ਸਮੁੱਚੇ ਕੰਮਕਾਜ ਬਾਰੇ ਡੂੰਘਾਈ ਨਾਲ ਜਾਣਕਾਰੀ ਲਈ ਅਤੇ ਇਸ ਪਾਰਕ ਦੀ ਢਾਈ ਦਹਾਕਿਆਂ ਬਾਅਦ ਨੁਹਾਰ ਬਦਲਣ ਲਈ ਕੀਤੇ ਨਵੀਨੀਕਰਨ ਤੇ ਤਸੱਲੀ ਪ੍ਰਗਟ ਕੀਤੀ। ਉਨ੍ਹਾਂ ਨੇ ਪਾਰਕ ਵਿੱਚ ਲਗਾਏ ਜਾ ਰਹੇ ਮਿਊਜੀਕਲ ਫਾਊਨਟੇਨ,ਐਲ.ਈ.ਡੀ ਸਰਕੀਨ ਅਤੇ ਧੋਲਪੂਰੀ ਪੱਥਰ ਬਾਰੇ ਗਹਿਰਾਈ ਨਾਲ ਜਾਣਕਾਰੀ ਹਾਸਲ ਕੀਤੀ।
ਸਿੱਖਿਆ ਮੰਤਰੀ ਨੇ ਉੱਤਰੀ ਭਾਰਤ ਦੇ ਪ੍ਰਸਿੱਧ ਸ਼ਕਤੀ ਪੀਠ ਮਾਤਾ ਸ੍ਰੀ ਨੈਣਾ ਦੇਵੀ ਨੂੰ ਸ੍ਰੀ ਅਨੰਦਪੁਰ ਸਾਹਿਬ ਨਾਲ ਜੋੜਨ ਵਾਲੇ ਮਾਰਗ ਦੇ ਸੁੰਦਰੀਕਰਨ ਪ੍ਰੋਜੈਕਟ ਦਾ ਜਾਇਜਾ ਲਿਆ। ਉਨ੍ਹਾਂ ਨੇ ਨਗਰ ਵਿੱਚ ਲਗਾਈਆਂ ਸੋਲਰ ਲਾਈਟਾਂ, ਸ਼ਾਨਦਾਰ ਬੈਂਚ, ਪੇਵਰ ਅਤੇ ਆਰੋ ਸਿਸਟਮ ਦੇ ਬਿਹਤਰੀਨ ਕੰਮਕਾਜ ਤੇ ਤਸੱਲੀ ਪ੍ਰਗਟ ਕੀਤੀ। ਉਨ੍ਹਾਂ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਨੂੰ ਸੈਰ ਸਪਾਟਾ ਹੱਬ ਵੱਜੋਂ ਵਿਕਸਤ ਕੀਤਾ ਜਾਵੇਗਾ। ਗੁਰੂ ਨਗਰੀ ਵਿੱਚ ਲੱਖਾਂ ਸ਼ਰਧਾਲੂ ਪੁੱਜਦੇ ਹਨ ਤੇ ਲੋਕਾਂ ਦੀ ਆਸਥਾ ਦੇ ਕੇਂਦਰ ਇਸ ਪਵਿੱਤਰ ਤੇ ਧਾਰਮਿਕ ਸਥਾਨ ਦਾ ਸੁੰਦਰੀਕਰਨ ਅਤੇ ਇਸ ਨੂੰ ਸਵੱਛ ਰੱਖਣਾ ਸਾਡੀ ਸਭ ਦੀ ਜਿੰਮੇਵਾਰੀ ਹੈ।
ਸਿੱਖਿਆ ਮੰਤਰੀ ਨੇ ਉਸਾਰੀ ਅਧੀਨ ਭਾਈ ਜੈਤਾ ਜੀ ਦੀ ਯਾਦਗਾਰ ਦਾ ਦੌਰਾ ਕੀਤਾ ਅਤੇ ਉਥੇ ਚੱਲ ਰਹੇ ਕੰਮ ਨੂੰ ਜਲਦੀ ਮੁਕੰਮਲ ਕਰਕੇ ਇਸ ਯਾਦਗਾਰ ਨੂੰ ਭਾਈ ਜੈਤਾ ਜੀ/ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਤੱਕ ਮੁਕੰਮਲ ਕਰਕੇ ਲੋਕ ਅਰਪਣ ਕਰਨ ਲਈ ਕਿਹਾ। ਸਿੱਖਿਆ ਮੰਤਰੀ ਦੇ ਨਾਲ ਉਪ ਮੰਡਲ ਮੈਜਿਸਟ੍ਰੇਟ ਮਨੀਸ਼ਾ ਰਾਣਾ ਆਈ.ਏ.ਐਸ ਅਤੇ ਹੋਰ ਅਧਿਕਾਰੀ ਵੀ ਮੋਜੂਦ ਸਨ।