ਫਿਰੋਜ਼ਪੁਰ ਵਿਚ ਆਮ ਆਦਮੀ ਪਾਰਟੀ ਨੁੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਇਸਦੇ ਉਮੀਦਵਾਰ ਅਮਨਦੀਪ ਸਿੰਘ ਬੰਗੜ ਪਾਰਟੀ ਛੱਡ ਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਹਾਜ਼ਰੀ ਵਿਚ ਕਾਂਗਰਸ ਵਿਚ ਸ਼ਾਮਲ ਹੋ ਗਏ। ਆਸ਼ੂ ਬੰਗੜ ਫਿਰੋਜ਼ਪੁਰ ਦਿਹਾਤੀ ਹਲਕੇ ਤੋਂ ਪਾਰਟੀ ਉਮੀਦਵਾਰ ਸਨ।
ਇਸ ਮੌਕੇ ਮੀਡੀਆ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਉਹ ਉਹਨਾਂ ਦੀ ਬੇਨਤੀ ‘ਤੇ ਚੋਣਾਂ ਦੀ ਤਾਰੀਕ ਬਦਲਣ ਲਈ ਚੋਣ ਕਮਿਸ਼ਨ ਦਾ ਧੰਨਵਾਦ ਕਰਦੇ ਹਨ। ਉਹਨਾਂ ਨੇ ਹੀ ਗੁਰੂ ਰਵੀਦਾਸ ਜਯੰਤੀ ਨੂੰ ਵੇਖਦਿਆਂ ਇਹ ਚੋਣ ਘੱਟੋ ਘੱਟ ਛੇ ਦਿਨ ਅੱਗੇ ਪਾਉਣ ਦੀ ਬੇਨਤੀ ਕੀਤੀ ਸੀ।
ਆਮ ਆਦਮੀ ਪਾਰਟੀ ਦੀ ਗੱਲ ਕਰਦਿਆਂ ਚੰਨੀ ਨੇ ਕਿਹਾ ਕਿ ਆਪ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀ ਹੈ ਤੇ ਰਾਘਵ ਚੱਢਾ ਕਿਸਾਨਾਂ ਦੇ ਖਿਲਾਫ ਮਨਘੜਤ ਦੋਸ਼ ਲਗਾ ਰਹੇ ਹਨ। ਉਹਨਾਂ ਕਿਹਾਰ ਕਿ ਹਰ ਕੋਈ ਜਾਣਦਾ ਹੈ ਕਿ ਆਪ ਦੀਆਂ ਟਿਕਟਾਂ ਵੇਚੀਆਂ ਗਈਆਂ ਹਨ। ਇਸਦੇ 20 ਵਿਚੋਂ 10 ਵਿਧਾਇਕ ਪਾਰਟੀ ਛੱਡ ਗਏ ਤੇ 4 ਵਿਚੋਂ 3 ਐਮ ਪੀ ਵੀ ਪਾਰਟੀ ਛੱਡ ਗਏ। ਉਹਨਾਂ ਕਿਹਾ ਕਿ ਆਸ਼ੂ ਬੰਗੜ ਹੁਣ ਫਿਰੋਜ਼ਪੁਰ ਦਿਹਾਤੀ ਤੋਂ ਕਾਂਗਰਸ ਦੇ ਉਮੀਦਵਾਰ ਹੋਣਗੇ।