ਮੱਧ ਪੂਰਬ ਵਿੱਚ ਵਧਦੇ ਜੰਗੀ ਤਣਾਅ ਕਾਰਨ ਪੈਦਾ ਹੋਏ ਤੇਲ ਸੰਕਟ ਦੇ ਵਿਚਕਾਰ ਭਾਰਤ ਲਈ ਇੱਕ ਰਾਹਤ ਭਰੀ ਖ਼ਬਰ ਆਈ ਹੈ। ਅਮਰੀਕਾ ਨੇ ਇੱਕ ਅਹਿਮ ਕੂਟਨੀਤਕ ਫੈਸਲਾ ਲੈਂਦਿਆਂ ਭਾਰਤ ਨੂੰ ਰੂਸ ਤੋਂ ਕੱਚਾ ਤੇਲ ਖਰੀਦਣ ਲਈ 30 ਦਿਨਾਂ ਦੀ ਅਸਥਾਈ ਛੋਟ ਦੇ ਦਿੱਤੀ ਹੈ। ਇਸ ਫੈਸਲੇ ਨਾਲ ਸਮੁੰਦਰ ਵਿੱਚ ਫਸੇ ਉਨ੍ਹਾਂ ਰੂਸੀ ਤੇਲ ਟੈਂਕਰਾਂ ਨੂੰ ਵੱਡਾ ਸਹਾਰਾ ਮਿਲੇਗਾ, ਜਿਨ੍ਹਾਂ ਦਾ ਤੇਲ ਪਾਬੰਦੀਆਂ ਦੇ ਡਰ ਕਾਰਨ ਉਤਾਰਿਆ ਨਹੀਂ ਜਾ ਰਿਹਾ ਸੀ।
ਰਾਇਟਰਜ਼ ਦੀ ਰਿਪੋਰਟ ਅਨੁਸਾਰ, ਦੋ ਸੀਨੀਅਰ ਅਮਰੀਕੀ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਵਾਸ਼ਿੰਗਟਨ ਨੇ ਰੂਸ ਦੇ ਊਰਜਾ ਖੇਤਰ ‘ਤੇ ਲੱਗੀਆਂ ਮੌਜੂਦਾ ਪਾਬੰਦੀਆਂ ਦੇ ਬਾਵਜੂਦ ਭਾਰਤੀ ਸ਼ਿਪਮੈਂਟਾਂ ਨੂੰ ਅੱਗੇ ਵਧਾਉਣ ਲਈ ਹਰੀ ਝੰਡੀ ਦੇ ਦਿੱਤੀ ਹੈ। ਦਰਅਸਲ, ਨਵੀਆਂ ਪਾਬੰਦੀਆਂ ਅਤੇ ਬੀਮਾ/ਭੁਗਤਾਨ ਦੀ ਅਨਿਸ਼ਚਿਤਤਾ ਕਾਰਨ ਕਈ ਰੂਸੀ ਜਹਾਜ਼ ਸਮੁੰਦਰ ਵਿੱਚ ਹੀ ਖੜ੍ਹੇ ਸਨ। ਭਾਰਤੀ ਰਿਫਾਇਨਰੀਆਂ ਵੀ ਇਸ ਦੁਬਿਧਾ ਵਿੱਚ ਸਨ ਕਿ ਕੀ ਇਹ ਖਰੀਦਦਾਰੀ ਅਮਰੀਕੀ ਨਿਯਮਾਂ ਦੀ ਉਲੰਘਣਾ ਤਾਂ ਨਹੀਂ ਹੋਵੇਗੀ। ਹੁਣ 30 ਦਿਨਾਂ ਦੀ ਮੋਹਲਤ ਮਿਲਣ ਨਾਲ ਇਹ ਰਾਹ ਪੱਧਰਾ ਹੋ ਗਿਆ ਹੈ।
ਯੂਕਰੇਨ ਯੁੱਧ ਸ਼ੁਰੂ ਹੋਣ ਤੋਂ ਬਾਅਦ ਪੱਛਮੀ ਦੇਸ਼ਾਂ ਨੇ ਭਾਰਤ ‘ਤੇ ਰੂਸੀ ਤੇਲ ਦੀ ਦਰਾਮਦ ਘਟਾਉਣ ਲਈ ਭਾਰੀ ਦਬਾਅ ਪਾਇਆ ਸੀ। ਡੋਨਾਲਡ ਟਰੰਪ ਦੇ ਸਖ਼ਤ ਤੇਵਰਾਂ ਅਤੇ ਪਾਬੰਦੀਆਂ ਦੀਆਂ ਧਮਕੀਆਂ ਦੇ ਬਾਵਜੂਦ, ਭਾਰਤ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਉਹ ਆਪਣੀ ਊਰਜਾ ਸੁਰੱਖਿਆ ਨਾਲ ਸਮਝੌਤਾ ਨਹੀਂ ਕਰੇਗਾ। ਭਾਰਤ ਦੇ ਇਸ ਨਿਡਰ ਫੈਸਲੇ ਨੇ ਦੁਨੀਆ ਨੂੰ ਸੁਨੇਹਾ ਦਿੱਤਾ ਕਿ ਭਾਰਤ ਆਪਣੇ ਹਿੱਤਾਂ ਅਨੁਸਾਰ ਖ਼ੁਦ ਫੈਸਲੇ ਲੈਣ ਦੀ ਸਮਰੱਥਾ ਰੱਖਦਾ ਹੈ।
ਤਾਜ਼ਾ ਰਿਪੋਰਟਾਂ ਅਨੁਸਾਰ, ਭਾਰਤ ਦੀਆਂ ਦਿੱਗਜ ਸਰਕਾਰੀ ਤੇਲ ਕੰਪਨੀਆਂ— ਇੰਡੀਅਨ ਆਇਲ, ਭਾਰਤ ਪੈਟਰੋਲੀਅਮ, ਹਿੰਦੁਸਤਾਨ ਪੈਟਰੋਲੀਅਮ ਅਤੇ ਮੰਗਲੌਰ ਰਿਫਾਇਨਰੀ ਪਹਿਲਾਂ ਹੀ ਰੂਸੀ ਵਪਾਰੀਆਂ ਨਾਲ ਤੇਲ ਦੀ ਜਲਦੀ ਡਿਲੀਵਰੀ ਲਈ ਗੱਲਬਾਤ ਕਰ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਕੰਪਨੀਆਂ ਹੁਣ ਤੱਕ ਲਗਭਗ 20 ਮਿਲੀਅਨ ਬੈਰਲ ਰੂਸੀ ਤੇਲ ਦਾ ਸੌਦਾ ਕਰ ਚੁੱਕੀਆਂ ਹਨ
ਇਸ ਛੋਟ ਨਾਲ ਭਾਰਤ ਵਿੱਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਸਥਿਰ ਰੱਖਣ ਵਿੱਚ ਮਦਦ ਮਿਲਣ ਦੀ ਉਮੀਦ ਹੈ, ਕਿਉਂਕਿ ਰੂਸੀ ਤੇਲ ਭਾਰਤ ਨੂੰ ਹੋਰਨਾਂ ਦੇਸ਼ਾਂ ਦੇ ਮੁਕਾਬਲੇ ਸਸਤਾ ਪੈ ਰਿਹਾ ਹੈ।