ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦਾ ਚੌਥਾ ਦਿਨ ਸਿਆਸੀ ਖਿੱਚੋਤਾਣ ਅਤੇ ਤਿੱਖੀ ਬਹਿਸਬਾਜ਼ੀ ਦੇ ਨਾਮ ਰਿਹਾ। ਪ੍ਰਸ਼ਨ ਕਾਲ ਦੌਰਾਨ ਸ਼ੁਰੂ ਹੋਈ ਕਾਰਵਾਈ ਉਸ ਵੇਲੇ ਹੰਗਾਮੇ ਵਿੱਚ ਬਦਲ ਗਈ ਜਦੋਂ ਮੈਡੀਕਲ ਕਾਲਜਾਂ ਦੀ ਉਸਾਰੀ ਨੂੰ ਲੈ ਕੇ ਸੱਤਾਧਾਰੀ ‘ਆਪ’ ਅਤੇ ਵਿਰੋਧੀ ਧਿਰ ਕਾਂਗਰਸ ਦੇ ਵਿਧਾਇਕ ਆਹਮੋ-ਸਾਹਮਣੇ ਹੋ ਗਏ।
ਕਾਂਗਰਸੀ ਵਿਧਾਇਕ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਸਰਕਾਰੀ ਮੈਡੀਕਲ ਕਾਲਜਾਂ ਦੀ ਸਥਿਤੀ ਬਾਰੇ ਸਵਾਲ ਚੁੱਕਦਿਆਂ ਸਰਕਾਰ ਨੂੰ ਘੇਰਿਆ। ਉਨ੍ਹਾਂ ਇਤਰਾਜ਼ ਜਤਾਇਆ ਕਿ ਉਹ ਸਰਕਾਰੀ ਕਾਲਜਾਂ ਬਾਰੇ ਪੁੱਛ ਰਹੇ ਹਨ ਜਦਕਿ ਸਰਕਾਰ ਪ੍ਰਾਈਵੇਟ ਕਾਲਜਾਂ ਦੇ ਅੰਕੜੇ ਪੇਸ਼ ਕਰ ਰਹੀ ਹੈ। ਇਸ ਦੇ ਜਵਾਬ ਵਿੱਚ ਸਿਹਤ ਮੰਤਰੀ ਬਲਬੀਰ ਸਿੰਘ ਨੇ ਕਿਹਾ ਕਿ ਸਰਕਾਰ ਪ੍ਰਾਈਵੇਟ ਸੰਸਥਾਵਾਂ ਨੂੰ ਵੀ ਸਹਾਇਤਾ ਦਿੰਦੀ ਹੈ। ਮਾਮਲਾ ਉਦੋਂ ਵਧਿਆ ਜਦੋਂ ਪ੍ਰਤਾਪ ਸਿੰਘ ਬਾਜਵਾ ਨੇ ਮੰਤਰੀ ਅਮਨ ਅਰੋੜਾ ਦੇ ਜਵਾਬ ਦੇਣ ‘ਤੇ ਇਤਰਾਜ਼ ਜਤਾਇਆ, ਜਿਸ ਤੋਂ ਬਾਅਦ ਸਪੀਕਰ ਨੂੰ ਸੰਵਿਧਾਨਕ ਮਰਿਆਦਾਵਾਂ ਦਾ ਹਵਾਲਾ ਦੇਣਾ ਪਿਆ।
ਸਦਨ ਵਿੱਚ ਮਾਹੌਲ ਉਦੋਂ ਬੇਹੱਦ ਤਣਾਅਪੂਰਨ ਹੋ ਗਿਆ ਜਦੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪ੍ਰਤਾਪ ਸਿੰਘ ਬਾਜਵਾ ‘ਤੇ ਗ਼ਲਤ ਭਾਸ਼ਾ ਵਰਤਣ ਦੇ ਦੋਸ਼ ਲਾਏ। ਚੀਮਾ ਨੇ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਗੁੰਡਾਗਰਦੀ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਮਾਨਸਿਕ ਹਸਪਤਾਲ ਭੇਜਣ ਦੀ ਲੋੜ ਹੈ। ਉਨ੍ਹਾਂ ਸਾਫ਼ ਕਿਹਾ ਕਿ ਸਦਨ ਵਿੱਚ ਅਜਿਹਾ ਦੁਰਵਿਵਹਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਹਰਪਾਲ ਚੀਮਾ ਨੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਇੱਕ ਸੋਸ਼ਲ ਮੀਡੀਆ ਪੋਸਟ ਦਾ ਹਵਾਲਾ ਦਿੰਦਿਆਂ ਕਾਂਗਰਸ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ। ਉਨ੍ਹਾਂ ਕਿਹਾ ਕਿ ਔਰਤਾਂ ਬਾਰੇ ਭੱਦੀ ਸ਼ਬਦਾਵਲੀ ਵਰਤਣਾ ਕਾਂਗਰਸ ਦੀ ਘਿਣੌਨੀ ਸੋਚ ਨੂੰ ਦਰਸਾਉਂਦਾ ਹੈ। ‘ਆਪ’ ਵਿਧਾਇਕਾ ਇੰਦਰਜੀਤ ਕੌਰ ਮਾਨ ਨੇ ਵੀ ਇਸ ਦਾ ਤਿੱਖਾ ਵਿਰੋਧ ਕਰਦਿਆਂ ਕਿਹਾ ਕਿ ਇਸ ਮਾਮਲੇ ਦੀ ਸ਼ਿਕਾਇਤ ਮਹਿਲਾ ਕਮਿਸ਼ਨ ਨੂੰ ਕੀਤੀ ਜਾਵੇਗੀ ਅਤੇ ਜਦੋਂ ਤੱਕ ਕਾਂਗਰਸ ਮੁਆਫ਼ੀ ਨਹੀਂ ਮੰਗਦੀ, ਇਹ ਸੰਘਰਸ਼ ਜਾਰੀ ਰਹੇਗਾ।
ਸਦਨ ਵਿੱਚ ਵਧਦੇ ਹੰਗਾਮੇ ਅਤੇ ਦੋਵਾਂ ਧਿਰਾਂ ਵਿਚਾਲੇ ਪੈਦਾ ਹੋਏ ਗਤੀਰੋਧ ਨੂੰ ਦੇਖਦੇ ਹੋਏ ਸਪੀਕਰ ਨੇ ਵਿਧਾਨ ਸਭਾ ਦੀ ਕਾਰਵਾਈ ਨੂੰ ਅੱਧੇ ਘੰਟੇ ਲਈ ਮੁਲਤਵੀ ਕਰ ਦਿੱਤਾ। ਖ਼ਬਰ ਲਿਖੇ ਜਾਣ ਤੱਕ ਸਦਨ ਵਿੱਚ ਤਣਾਅ ਬਰਕਰਾਰ ਸੀ।