ਮੁਹਾਲੀ ਦੇ ਡੇਰਾਬੱਸੀ ਦੀ ਅਦਾਲਤ ਨੇ ਕਰੋੜਾਂ ਰੁਪਏ ਦੇ ਚੈਕ ਬਾਊਂਸ ਮਾਮਲੇ ਵਿੱਚ ਵੱਡਾ ਫੈਸਲਾ ਸੁਣਾਇਆ ਹੈ। ਅਦਾਲਤ ਨੇ ਆਮ ਆਦਮੀ ਪਾਰਟੀ ਦੀ ਖਰੜ ਤੋਂ ਵਿਧਾਇਕਾ ਅਨਮੋਲ ਗਗਨ ਮਾਨ ਦੇ ਪਤੀ ਸਮੇਤ ਤਿੰਨ ਵਿਅਕਤੀਆਂ ਨੂੰ ਦੋਸ਼ੀ ਕਰਾਰ ਦਿੰਦੇ ਹੋਏ 2-2 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ।
ਜਾਣਕਾਰੀ ਅਨੁਸਾਰ, ਅਦਾਲਤ ਨੇ ਅਨਮੋਲ ਗਗਨ ਮਾਨ ਦੇ ਪਤੀ ਸ਼ਾਹਬਾਜ ਸਿੰਘ ਸੋਹੀ ਸਮੇਤ ਤਿੰਨ ਲੋਕਾਂ ਨੂੰ ਦੋਸ਼ੀ ਕਰਾਰ ਦਿੰਦਿਆਂ ਦੋ-ਦੋ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਇਹ ਫੈਸਲਾ ਕਰੀਬ ਸੱਤ ਸਾਲ ਚੱਲੀ ਸੁਣਵਾਈ ਤੋਂ ਬਾਅਦ ਜੂਡੀਸ਼ੀਅਲ ਮੈਜਿਸਟ੍ਰੇਟ ਫਰਸਟ ਕਲਾਸ ਪਰਨੀਤ ਕੌਰ ਦੀ ਅਦਾਲਤ ਨੇ ਸੁਣਾਇਆ। ਅਦਾਲਤ ਨੇ ਤਿੰਨਾਂ ਮੁਲਜ਼ਮਾਂ ਨੂੰ ਦੋ ਸਾਲ ਦੀ ਕੈਦ ਦੇ ਨਾਲ-ਨਾਲ 10-10 ਹਜ਼ਾਰ ਰੁਪਏ ਜੁਰਮਾਨਾ ਵੀ ਲਗਾਇਆ ਹੈ।
ਇਸ ਮਾਮਲੇ ਵਿੱਚ ਸ਼ਾਹਬਾਜ ਸਿੰਘ ਸੋਹੀ (ਮੌਜੂਦਾ ਨਿਵਾਸੀ ਚੰਡੀਗੜ੍ਹ, ਮੂਲ ਵਾਸੀ ਜੀਰਕਪੁਰ), ਜਤਿੰਦਰ ਸਿੰਘ ਨੋਨੀ ਅਤੇ ਨਛੱਤਰ ਸਿੰਘ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਸਜ਼ਾ ਸੁਣਾਏ ਜਾਣ ਤੋਂ ਬਾਅਦ ਤਿੰਨਾਂ ਨੇ ਮੌਕੇ ‘ਤੇ ਜਮਾਨਤ ਰਕਮ ਭਰ ਕੇ ਜਮਾਨਤ ਹਾਸਲ ਕਰ ਲਈ।