ਪਲੈਟਫਾਰਮ ‘ਤੇ 84 ਲੱਖ ਤੋਂ ਵੱਧ ਰਜਿਸਟਰਡ ਉਪਭੋਗਤਾਵਾਂ ਦਾ ਰਿਕਾਰਡ ਬਣਾਇਆ
ਪ੍ਰਸਾਰ ਭਾਰਤੀ ਨੇ ਨਵੰਬਰ 2024 ਵਿੱਚ ਵੇਵਸ ਓਟੀਟੀ ਪਲੈਟਫਾਰਮ ਦੀ ਸ਼ੁਰੂਆਤ ਕੀਤੀ ਸੀ। ਇਹ ਇੱਕ ਡਿਜੀਟਲ ਸਟ੍ਰੀਮਿੰਗ ਪਲੈਟਫਾਰਮ ਹੈ ਜਿਸ ਦੇ ਰਾਹੀਂ ਰੇਡੀਓ ਅਤੇ ਟੀਵੀ ਚੈਨਲ, ਟੀਵੀ ਸ਼ੋਅ, ਵੈੱਬ ਸੀਰੀਜ਼, ਫਿਲਮਾਂ, ਲਾਈਵ ਇਵੈਂਟ, ਰੇਡੀਓ ਸੇਵਾਵਾਂ, ਸੱਭਿਆਚਾਰਕ ਸਮੱਗਰੀ, ਵਿਦਿਅਕ ਪ੍ਰੋਗਰਾਮ ਅਤੇ ਪ੍ਰਸਾਰ ਭਾਰਤੀ ਦੀ ਪੁਰਾਲੇਖ ਸਮੱਗਰੀ ਸਮੇਤ ਵਿਭਿੰਨ ਤਰ੍ਹਾਂ ਦੀ ਸਮੱਗਰੀ ਪ੍ਰਸਾਰਿਤ ਕੀਤੀ ਜਾਂਦੀ ਹੈ। ਇਸ ਪਲੈਟਫਾਰਮ ‘ਤੇ ਮੱਧ ਪ੍ਰਦੇਸ਼ ਦੇ ਛਿੰਦਵਾੜਾ ਜ਼ਿਲ੍ਹੇ ਦੇ ਉਪਭੋਗਤਾਵਾਂ ਸਮੇਤ 84 ਲੱਖ ਤੋਂ ਵੱਧ ਰਜਿਸਟਰਡ ਉਪਭੋਗਤਾ ਹਨ।
ਪ੍ਰਸਾਰ ਭਾਰਤੀ-ਸਾਂਝੇ ਆਡੀਓ-ਵਿਜ਼ੁਅਲ ਪ੍ਰਸਾਰਣ ਅਤੇ ਪ੍ਰਸਾਰ (ਪੀਬੀ-ਐੱਸਐੱਚਬੀਡੀ) ਦਾ ਮਾਰਚ 2024 ਵਿੱਚ ਸ਼ੁਰੂਆਤ ਕੀਤੀ ਗਈ ਸੀ। ਇਹ ਅਸਾਮੀ, ਬੰਗਾਲੀ, ਅੰਗ੍ਰੇਜ਼ੀ, ਗੁਜਰਾਤੀ, ਹਿੰਦੀ, ਕੰਨੜ, ਕਸ਼ਮੀਰੀ, ਮਲਿਆਲਮ, ਮਰਾਠੀ, ਉੜੀਆ, ਪੰਜਾਬੀ, ਤਮਿਲ, ਤੇਲਗੂ ਡੋਗਰੀ ਅਤੇ ਉਰਦੂ ਸਮੇਤ 15 ਭਾਸ਼ਾਵਾਂ ਵਿੱਚ ਦੇਸ਼ ਭਰ ਵਿੱਚ ਖਬਰਾਂ ਦੇ ਪ੍ਰਸਾਰ ਨੂੰ ਪਹੁੰਚਯੋਗ ਬਣਾਉਂਦਾ ਹੈ। ਸ਼ੁਰੂਆਤ ਵਿੱਚ, ਇਹ ਉਪਭੋਗਤਾਵਾਂ ਨੂੰ ਇੱਕ ਵਰ੍ਹੇ ਲਈ ਮੁਫ਼ਤ ਉਪਲਬਧ ਕਰਵਾਇਆ ਗਿਆ ਸੀ। ਹੁਣ ਇਸ ਨੂੰ ਮਾਰਚ 2027 ਤੱਕ ਅੱਗੇ ਵਧਾ ਦਿੱਤਾ ਗਿਆ ਹੈ।
ਪ੍ਰਸਾਰ ਭਾਰਤੀ ਨੇ ਪੁਰਾਲੇਖ ਪ੍ਰੋਗਰਾਮਾਂ ਦਾ ਇੱਕ ਵਿਸ਼ਾਲ ਸੰਗ੍ਰਹਿ, ਜਿਸ ਵਿੱਚ ਟੈਲੀਵਿਜ਼ਨ ਸ਼ੋਅ, ਦਸਤਾਵੇਜ਼ੀ ਫਿਲਮਾਂ ਅਤੇ ਹੋਰ ਪ੍ਰੋਗਰਾਮ ਸ਼ਾਮਲ ਹਨ, ਵੇਵਸ ਓਟੀਟੀ ਪਲੈਟਫਾਰਮ ‘ਤੇ ਉਪਲਬਧ ਕਰਵਾਇਆ ਗਿਆ ਹੈ। ਦਰਸ਼ਕਾਂ ਦੀ ਪਹੁੰਚ ਵਧਾਉਣ ਅਤੇ ਉਨ੍ਹਾਂ ਦੀ ਸ਼ਮੂਲੀਅਤ ਨੂੰ ਮਜ਼ਬੂਤ ਕਰਨ ਲਈ ਪੁਰਾਲੇਖ ਪ੍ਰੋਗਰਾਮਾਂ ਦਾ ਪ੍ਰਕਾਸ਼ਨ ਪੜਾਅਵਾਰ ਢੰਗ ਨਾਲ ਕੀਤਾ ਜਾ ਰਿਹਾ ਹੈ।
ਵੇਵਸ ਓਟੀਟੀ ਅਤੇ ਪੀਬੀ-ਸ਼ਬਦ ਪਲੈਟਫਾਰਮ ਪ੍ਰਸਾਰ ਭਾਰਤੀ ਦੀ ਵਿਆਪਕ ਸਮੱਗਰੀ ਤੱਕ ਪਹੁੰਚ ਪ੍ਰਦਾਨ ਕਰਦੇ ਹਨ, ਜਿਸ ਵਿੱਚ ਹਿੰਦੀ ਅਤੇ ਵਿਭਿੰਨ ਖੇਤਰੀ ਭਾਸ਼ਾਵਾਂ ਵਿੱਚ ਪ੍ਰੋਗਰਾਮ ਅਤੇ ਸਮਾਚਾਰ ਸ਼ਾਮਲ ਹਨ, ਜੋ ਛੱਤੀਸਗੜ੍ਹ ਦੇ ਸਰਗੁਜਾ ਖੇਤਰ ਸਮੇਤ ਪੂਰੇ ਦੇਸ਼ ਵਿੱਚ ਉਪਲਬਧ ਹਨ।
ਸੂਚਨਾ ਅਤੇ ਪ੍ਰਸਾਰਣ ਅਤੇ ਸੰਸਦੀ ਮਾਮਲੇ ਰਾਜ ਮੰਤਰੀ ਡਾ. ਐੱਲ ਮੁਰੂਗਨ ਦੁਆਰਾ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਅੱਜ ਲੋਕ ਸਭਾ ਵਿੱਚ ਇਹ ਜਾਣਕਾਰੀ ਦਿੱਤੀ ਗਈ।