ਵੇਅਰਹਾਊਸ ਦੇ ਡਿਸਟ੍ਰਿਕਟ ਮੈਨੇਜਰ ਗਗਨਦੀਪ ਸਿੰਘ ਰੰਧਾਵਾ ਦਾ ਅੰਤਿਮ ਸੰਸਕਾਰ ਅੱਜ ਕਰ ਦਿੱਤਾ ਗਿਆ। ਮ੍ਰਿਤਕ ਗਗਨਦੀਪ ਸਿੰਘ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ 10 ਸਾਲਾਂ ਦੇ ਬੇਟੇ ਨੇ ਦਿੱਤੀ। ਜਦੋਂ ਮ੍ਰਿਤਕ ਦੇਹ ਘਰ ਪਹੁੰਚੀ ਤਾਂ ਪਰਿਵਾਰਕ ਮੈਂਬਰ ਅਤੇ ਸ਼ੁਭਚਿੰਤਕ ਭਾਵੁਕ ਹੋ ਗਏ। ਅੰਤਿਮ ਰਸਮਾਂ ਨਿਭਾਈਆਂ ਗਈਆਂ ਅਤੇ ਮ੍ਰਿਤਕ ਗਗਨਦੀਪ ਸਿੰਘ ਨੂੰ ਲਾਲ ਪੱਗ ਪਹਿਨਾ ਕੇ ਅੰਤਿਮ ਵਿਦਾਈ ਦਿੱਤੀ ਗਈ।
ਖ਼ੁਦਕੁਸ਼ੀ ਦੇ ਚੌਥੇ ਦਿਨ ਰੰਧਾਵਾ ਦੀ ਦੇਹ ਦਾ ਪੋਸਟਮਾਰਟਮ ਕੀਤਾ ਗਿਆ। ਪੋਸਟਮਾਰਟਮ ਕਰੀਬ ਸਾਢੇ 4 ਘੰਟੇ ਚੱਲਿਆ। ਪੋਸਟਮਾਰਟਮ ਤੋਂ ਬਾਅਦ ਰੰਧਾਵਾ ਦੀ ਮ੍ਰਿਤਕ ਦੇਹ ਨੂੰ ਘਰ ਲਿਆਂਦਾ ਗਿਆ। ਇਸ ਤੋਂ ਬਾਅਦ ਸ਼ਾਮ ਕਰੀਬ ਸਾਢੇ ਪੰਜ ਵਜੇ ਉਨ੍ਹਾਂ ਦਾ ਅੰਤਿਮ ਸੰਸਕਾਰ ਕਰਨ ਲਈ ਸ਼ਿਵਪੁਰੀ ਦੁਰਗਿਆਣਾ ਮੰਦਰ ਲਿਆਂਦਾ ਗਿਆ। ਅੰਤਿਮ ਸੰਸਕਾਰ ਦੇ ਮੌਕੇ ‘ਤੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਤੇ ਬਿਕਰਮ ਸਿੰਘ ਮਜੀਠੀਆ ਸਣੇ ਕਈ ਸਿਆਸੀ ਹਸਤੀਆਂ ਸਮੇਤ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਸਨ।