ਸੁਖਨਾ ਝੀਲ ਅੱਜ 26 ਮਾਰਚ ਤੋਂ ਆਮ ਜਨਤਾ ਅਤੇ ਸੈਲਾਨੀਆਂ ਲਈ ਬੰਦ ਕਰ ਦਿੱਤੀ ਗਈ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ 27 ਅਤੇ 28 ਮਾਰਚ ਨੂੰ ਹੋਣ ਵਾਲੇ ਸ਼ਾਨਦਾਰ ‘ਏਅਰ ਸ਼ੋਅ’ ਦੇ ਮੱਦੇਨਜ਼ਰ ਇਹ ਸਖ਼ਤ ਫੈਸਲਾ ਲਿਆ ਹੈ। ਡੀ.ਸੀ. ਨਿਸ਼ਾਂਤ ਯਾਦਵ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ 28 ਮਾਰਚ ਨੂੰ ਦੁਪਹਿਰ 1:30 ਵਜੇ ਤੋਂ ਬਾਅਦ ਹੀ ਝੀਲ ਨੂੰ ਮੁੜ ਲੋਕਾਂ ਲਈ ਖੋਲ੍ਹਿਆ ਜਾਵੇਗਾ।
ਪ੍ਰਸ਼ਾਸਨ ਮੁਤਾਬਕ ਏਅਰ ਸ਼ੋਅ ਦੇਖਣ ਲਈ ਸਿਰਫ਼ ਉਨ੍ਹਾਂ ਲੋਕਾਂ ਨੂੰ ਹੀ ਜਾਣ ਦਿੱਤਾ ਜਾਵੇਗਾ ਜਿਨ੍ਹਾਂ ਨੇ ਚੰਡੀਗੜ੍ਹ ਟੂਰਿਜ਼ਮ ਐਪ ਰਾਹੀਂ ਪਹਿਲਾਂ ਬੁਕਿੰਗ ਕਰਵਾਈ ਹੈ। ਐਂਟਰੀ ਲਈ 100 ਰੁਪਏ ਦੀ ਟਿਕਟ (QR ਕੋਡ) ਅਤੇ ਇੱਕ ਵੈਧ ਫੋਟੋ ਆਈਡੀ ਲਾਜ਼ਮੀ ਹੈ। ਨਿੱਜੀ ਵਾਹਨਾਂ ਨੂੰ ਝੀਲ ਦੇ ਨੇੜੇ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ। ਪ੍ਰਸ਼ਾਸਨ ਨੇ ਪੂਰੇ ਸ਼ਹਿਰ ਨੂੰ 7 ਜ਼ੋਨਾਂ ਵਿੱਚ ਵੰਡਿਆ ਹੈ, ਜਿੱਥੋਂ ਸਵੇਰੇ 8 ਵਜੇ ਤੋਂ 9 ਵਜੇ ਤੱਕ ਵਿਸ਼ੇਸ਼ ਸ਼ਟਲ ਬੱਸਾਂ ਚੱਲਣਗੀਆਂ।
ਇਸ ਵਾਰ ਏਅਰ ਸ਼ੋਅ ਦਾ ਮੁੱਖ ਖਿੱਚ ਦਾ ਕੇਂਦਰ ਭਾਰਤੀ ਹਵਾਈ ਸੈਨਾ ਦੀ ਮਸ਼ਹੂਰ ‘ਸੂਰਿਆ ਕਿਰਨ’ ਐਰੋਬੈਟਿਕ ਟੀਮ ਹੋਵੇਗੀ। ਏਸ਼ੀਆ ਦੀ ਇਸ ਇਕਲੌਤੀ 9-ਏਅਰਕ੍ਰਾਫਟ ਟੀਮ ਵੱਲੋਂ ‘BAE ਹਾਕ Mk-132’ ਜੈੱਟ ਜਹਾਜ਼ਾਂ ਰਾਹੀਂ ਅਸਮਾਨ ਵਿੱਚ ਲੂਪਸ, ਬੈਰਲ ਰੋਲ ਅਤੇ ਡੀ.ਐਨ.ਏ. ਵਰਗੀਆਂ ਖ਼ਤਰਨਾਕ ਫਾਰਮੇਸ਼ਨਾਂ ਬਣਾਈਆਂ ਜਾਣਗੀਆਂ। ਇਹ ਸ਼ੋਅ ਲਗਭਗ 30 ਤੋਂ 45 ਮਿੰਟ ਤੱਕ ਚੱਲੇਗਾ। 27 ਮਾਰਚ ਨੂੰ ਇਸ ਦੀ ਫੁੱਲ ਡਰੈੱਸ ਰਿਹਰਸਲ ਕੀਤੀ ਜਾਵੇਗੀ।
ਪ੍ਰਸ਼ਾਸਨ ਨੇ ਝੀਲ ‘ਤੇ ਸੈਲਾਨੀਆਂ ਲਈ ਪੀਣ ਵਾਲੇ ਪਾਣੀ, ਟਾਇਲਟ ਅਤੇ ਮੁੱਢਲੀ ਸਹਾਇਤਾ (First Aid) ਦੇ ਵਿਸ਼ੇਸ਼ ਪ੍ਰਬੰਧ ਕੀਤੇ ਹਨ। ਸੁਰੱਖਿਆ ਕਾਰਨਾਂ ਕਰਕੇ ਕਿਸੇ ਵੀ ਤਰ੍ਹਾਂ ਦੇ ਬੈਗ ਜਾਂ ਖਾਣ-ਪੀਣ ਦੀਆਂ ਚੀਜ਼ਾਂ ਅੰਦਰ ਲਿਜਾਣ ਦੀ ਮਨਾਹੀ ਹੈ। ਸਿਰਫ਼ ਪਾਰਦਰਸ਼ੀ ਪਾਣੀ ਦੀਆਂ ਬੋਤਲਾਂ ਹੀ ਲਿਜਾਈਆਂ ਜਾ ਸਕਦੀਆਂ ਹਨ। ਆਫ਼ਤ ਪ੍ਰਬੰਧਨ ਲਈ ਕਿਸ਼ਤੀਆਂ, ਲਾਈਫ ਜੈਕੇਟਾਂ ਅਤੇ ਫਾਇਰ ਟੈਂਡਰ ਮੌਕੇ ‘ਤੇ ਤਾਇਨਾਤ ਰਹਿਣਗੇ।
ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਗੰਦਗੀ ਫੈਲਣ ਤੋਂ ਰੋਕਣ ਲਈ ਸਫ਼ਾਈ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ, ਜੋ ਸ਼ੋਅ ਤੋਂ ਤੁਰੰਤ ਬਾਅਦ ਇਲਾਕੇ ਨੂੰ ਸਾਫ਼ ਕਰਨਗੀਆਂ।