ਨਵੀਂ ਦਿੱਲੀ – ਸੱਤਿਆ ਨਿਕੇਤਨ ਦੇ ਹਾਦਸੇ ਮਗਰੋਂ ਵਿਦਿਆਰਥੀਆਂ ਲਈ ਸਰਕਾਰੀ ਰਿਹਾਇਸ਼ਾਂ ਦੀ ਵਧਦੀ ਮੰਗ ਵਿਚਾਲੇ ਮੁੱਖ ਮੰਤਰੀ ਰੇਖਆ ਗੁਪਤਾ ਨੇ ਮੰਗਲਵਾਰ ਨੂੰ ਕਿਹਾ ਕਿ ਦਿੱਲੀ ਸਰਕਾਰ 10,000 ਵਿਦਿਆਰਥੀਆਂ ਲਈ ਹੋਸਟਲ ਦੀ ਸਹੂਲਤ ਵਿਕਸਿਤ ਕਰੇਗੀ।
ਉਨ੍ਹਾਂ ਨੇ ‘ਐਕਸ’ ‘ਤੇ ਸਾਂਝੇ ਕੀਤੇ ਗਏ ਇਕ ਵੀਡੀਓ ‘ਚ ਕਿਹਾ ਕਿ ਇਸ ਸੰਬੰਧ ‘ਚ ਸੰਬੰਧਤ ਵਿਭਾਗਾਂ ਨਾਲ ਬੈਠਕਾਂ ਕੀਤੀਆਂ ਜਾ ਚੁੱਕੀਆਂ ਹਨ ਅਤੇ ਇਨ੍ਹਾਂ ਹੋਸਟਲਾਂ ਲਈ ਜਗ੍ਹਾ ਦੀ ਵੀ ਪਛਾਣ ਕਰ ਲਈ ਗਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਇਕ ਅਜਿਹੀ ਨੀਤੀ ਵੀ ਤਿਆਰ ਕਰ ਰਹੀ ਹੈ, ਜਿਸ ਨਾਲ ਹਰ ਸਾਲ ਵੱਡੀ ਗਿਣਤੀ ‘ਚ ਦਿੱਲੀ ਆਉਣ ਵਾਲੇ ਵਿਦਿਆਰਥੀਆਂ ਦੇ ਰਹਿਣ ਦੀ ਉੱਚਿਤ ਵਿਵਸਥਾ ਯਕੀਨੀ ਕੀਤੀ ਜਾ ਸਕੇ। ਦਿੱਲੀ ਸਰਕਾਰ ਨੇ ਇਹ ਫੈਸਲਾ ਦਿੱਲੀ ਯੂਨੀਵਰਸਿਟੀ ਦੇ ਦੱਖਣ ਕੰਪਲੈਕਸ ਕੋਲ ਸੱਤਿਆ ਨਿਕੇਤਨ ‘ਚ 5 ਮੰਜ਼ਲਾ ‘ਪੇਇੰਗ ਗੈਸਟ’ (ਪੀਜੀ) ਰਿਹਾਇਸ਼ ਦੇ ਢਹਿਣ ਮਗਰੋਂ ਲਿਆ ਹੈ। ਇਸ ਘਟਨਾ ‘ਚ 5 ਵਿਦਿਆਰਥੀਆਂ ਸਮੇਤ 7 ਲੋਕਾਂ ਦੀ ਮੌਤ ਹੋ ਗਈ ਸੀ।
ਰੇਖਾ ਗੁਪਤਾ ਨੇ ਕਿਹਾ ਕਿ ਹੋਸਟਲ ਦੀ ਇਹ ਸਹੂਲਤ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਦੋਵਾਂ ਲਈ ਹੋਵੇਗੀ ਅਤੇ ਇਹ ਰਿਹਾਇਸ਼ ਦਿੱਲੀ ਦੇ ਕਿਸੇ ਵੀ ਕਾਲਜ ਅਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਉਪਲੱਬਧ ਹੋਣਗੇ। ਮੁੱਖ ਮੰਤਰੀ ਨੇ ਕਿਹਾ,”ਦਿੱਲੀ ਸਰਕਾਰ ਨੇ ਵਿਦਿਆਰਥੀਆਂ ਦੀ ਸੁਰੱਖਿਆ ਅਤੇ ਕਿਫਾਇਤੀ ਰਿਹਾਇਸ਼ ਨੂੰ ਧਿਆਨ ‘ਚ ਰੱਖਦੇ ਹੋਏ 10 ਹਜ਼ਾਰ ਵਿਦਿਆਰਥੀਆਂ ਲਈ ਹੋਸਟਲ ਬਣਾਉਣ ਦਾ ਫੈਸਲਾ ਕੀਤਾ ਹੈ।”