ਭਾਰਤੀ ਰੇਲਵੇ ਨੇ ਆਧੁਨਿਕ ਤਕਨਾਲੋਜੀ ਅਤੇ ਯਾਤਰੀ ਸੁਰੱਖਿਆ ਦੇ ਖੇਤਰ ਵਿੱਚ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ। ਪਟਿਆਲਾ ਲੋਕੋਮੋਟਿਵ ਵਰਕਸ (PLW) ਨੇ ਦੇਸ਼ ਦਾ ਪਹਿਲਾ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਅਧਾਰਿਤ ਓਵਰਹੈੱਡ ਉਪਕਰਣ ਨਿਗਰਾਨੀ ਪ੍ਰਣਾਲੀ ਨਾਲ ਲੈਸ ਇਲੈਕਟ੍ਰਿਕ ਰੇਲ ਇੰਜਣ (ਲੋਕੋਮੋਟਿਵ ਨੰਬਰ 39642) ਤਿਆਰ ਕਰਕੇ ਇੱਕ ਨਵਾਂ ਮੀਲ ਪੱਥਰ ਸਥਾਪਤ ਕੀਤਾ ਹੈ।
ਇਸ ਇੰਜਣ ਨੂੰ ਰਵਾਨਾ ਕਰਨ ਲਈ ਆਯੋਜਿਤ ਵਿਸ਼ੇਸ਼ ਸਮਾਰੋਹ ਦੌਰਾਨ ਪੀਸੀਏਓ (PCAO) ਐਸ. ਕੇ. ਸ੍ਰੀਵਾਸਤਵ ਅਤੇ ਹੋਰ ਉੱਚ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਈਸੀਐਸ (ECS) ਸ਼ਾਪ ਦੀ ਸਭ ਤੋਂ ਸੀਨੀਅਰ ਮਹਿਲਾ ਕਰਮਚਾਰੀ ਅਤੇ ਸੀਨੀਅਰ ਟੈਕਨੀਸ਼ੀਅਨ ਸ਼੍ਰੀਮਤੀ ਨੀਲਮ ਦੇਵੀ ਨੇ ਹਰੀ ਝੰਡੀ ਦਿਖਾ ਕੇ ਇਸ ਨੂੰ ਲਾਈਨ ‘ਤੇ ਉਤਾਰਿਆ।
ਐਸ. ਕੇ. ਸ੍ਰੀਵਾਸਤਵ ਨੇ ਦੱਸਿਆ ਕਿ ਇਹ WP-7 ਸ਼੍ਰੇਣੀ ਅਧੀਨ ਤਿਆਰ ਕੀਤਾ ਗਿਆ ਇੱਕ ਬੇਹੱਦ ਸ਼ਕਤੀਸ਼ਾਲੀ ਯਾਤਰੀ ਇਲੈਕਟ੍ਰਿਕ ਲੋਕੋਮੋਟਿਵ ਹੈ। ਇਸ ਵਿੱਚ ਸਥਾਪਿਤ ਐਡਵਾਂਸਡ ਏਆਈ ਸੈਂਸਰ ਸਫ਼ਰ ਦੌਰਾਨ ਓਵਰਹੈੱਡ ਪਾਵਰ ਲਾਈਨਾਂ ਅਤੇ ਰੇਲਵੇ ਪਟੜੀਆਂ ਦੀ ਲਾਈਵ ਨਿਗਰਾਨੀ ਕਰਨਗੇ। ਇਹ ਸਿਸਟਮ ਤਾਰਾਂ ਵਿੱਚ ਸਪਾਰਕਿੰਗ, ਢਿੱਲੇ ਜਾਂ ਖਰਾਬ ਹਿੱਸਿਆਂ, ਟੁੱਟੇ ਕੈਟੇਨਰੀ ਸਟ੍ਰੈਂਡ, ਖੰਭਿਆਂ ‘ਤੇ ਪੰਛੀਆਂ ਦੇ ਆਲ੍ਹਣੇ ਅਤੇ ਪਟੜੀਆਂ ਦੇ ਆਲੇ-ਦੁਆਲੇ ਵਧੀ ਬਨਸਪਤੀ ਦਾ ਤੁਰੰਤ ਪਤਾ ਲਗਾਉਣ ਦੇ ਸਮਰੱਥ ਹੈ।
ਇਹ ਆਧੁਨਿਕ ਸਿਸਟਮ ਕਿਸੇ ਵੀ ਵੱਡੀ ਖਰਾਬੀ ਤੋਂ ਪਹਿਲਾਂ ਹੀ ਰੱਖ-ਰਖਾਅ ਟੀਮ ਨੂੰ ਸਹੀ ਜਾਣਕਾਰੀ ਭੇਜ ਦੇਵੇਗਾ, ਜਿਸ ਨਾਲ ਸਮੇਂ ਸਿਰ ਬਚਾਅ ਕਾਰਜ ਕੀਤੇ ਜਾ ਸਕਣਗੇ। ਇਸ ਭਵਿੱਖਬਾਣੀ ਅਧਾਰਿਤ ਤਕਨਾਲੋਜੀ ਨਾਲ ਸ਼ਾਰਟ-ਸਰਕਟ, ਪਾਵਰ ਟ੍ਰਿਪਿੰਗ ਅਤੇ ਓ.ਐਚ.ਈ. ਟੁੱਟਣ ਕਾਰਨ ਹੋਣ ਵਾਲੇ ਹਾਦਸਿਆਂ ‘ਤੇ ਪੂਰੀ ਤਰ੍ਹਾਂ ਠੱਲ੍ਹ ਪਵੇਗੀ, ਜਿਸ ਨਾਲ ਰੇਲਗੱਡੀਆਂ ਦੀ ਦੇਰੀ ਘਟੇਗੀ ਅਤੇ ਰੇਲ ਆਵਾਜਾਈ ਵਧੇਰੇ ਸੁਰੱਖਿਅਤ ਤੇ ਸੁਚਾਰੂ ਬਣੇਗੀ।