ਜੰਡਿਆਲਾ ਗੁਰੂ, 10 ਅਕਤੂਬਰ (ਵਰਿੰਦਰ ਸਿੰਘ ਮਲਹੋਤਰਾ): ਉੱਤਰਾਖੰਡ ਦੇ ਚਮੋਲੀ ਵਿੱਚ ਹਿਮਾਲਿਆ ਦੀਆਂ ਉੱਚੀਆਂ ਚੋਟੀਆਂ ਉੱਤੇ ਸਥਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਅੱਜ, 10 ਅਕਤੂਬਰ 2026 ਨੂੰ, ਸਰਦ ਰੁੱਤ ਲਈ ਬੰਦ ਕਰ ਦਿੱਤੇ ਗਏ।

ਸਰਦ ਰੁੱਤ ਕਾਰਨ ਕਿਵਾੜ ਬੰਦ
ਗੁਰਦੁਆਰਾ ਸਾਹਿਬ ਦੇ ਕਿਵਾੜ ਸਰਦ ਰੁੱਤ ਦੌਰਾਨ ਹੋ ਰਹੀ ਭਾਰੀ ਬਰਫ਼ਬਾਰੀ ਦੇ ਮੱਦੇਨਜ਼ਰ ਸੰਗਤਾਂ ਲਈ ਬੰਦ ਕਰਨ ਦਾ ਫੈਸਲਾ ਲਿਆ ਗਿਆ। 23 ਮਈ 2026 ਨੂੰ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਪਾਠ ਅਤੇ ਅਰਦਾਸ ਤੋਂ ਬਾਅਦ ‘ਬੋਲੇ ਸੋ ਨਿਹਾਲ’ ਦੇ ਜੈਕਾਰਿਆਂ ਨਾਲ ਖੋਲ੍ਹੇ ਗਏ ਸਨ।
ਧਾਰਮਿਕ ਮਰਿਆਦਾ ਅਨੁਸਾਰ ਸਮਾਪਤੀ ਸਮਾਗਮ
ਕਿਵਾੜ ਬੰਦ ਹੋਣ ਤੋਂ ਪਹਿਲਾਂ ਸਵੇਰੇ 10 ਵਜੇ ਸੁਖਮਨੀ ਸਾਹਿਬ ਦੇ ਪਾਠ ਹੋਏ। ਇਸ ਤੋਂ ਬਾਅਦ ਸਵੇਰੇ 11 ਵਜੇ ਕੀਰਤਨ ਅਤੇ ਦੁਪਹਿਰ 12 ਵਜੇ ਸਮਾਪਤੀ ਦੀ ਅਰਦਾਸ ਕੀਤੀ ਗਈ। ਫਿਰ ਭਾਰਤੀ ਫ਼ੌਜ ਦੀ 418 ਇੰਡੀਪੈਂਡੈਂਟ ਰੈਜਮੈਂਟ ਦੇ ਬੈਂਡ ਨਾਲ ਪੰਜ ਪਿਆਰਿਆਂ ਦੀ ਅਗਵਾਈ ਹੇਠ ਬਾਅਦ ਦੁਪਹਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਪ੍ਰਕਾਸ਼ ਅਸਥਾਨ ਤੋਂ ਸੀਤਕਾਲ ਲਈ ਸੁਖ ਅਸਥਾਨ ਵਿਖੇ ਲਿਜਾਇਆ ਗਿਆ।
ਸਾਢੇ ਚਾਰ ਮਹੀਨਿਆਂ ਵਿੱਚ 3.68 ਲੱਖ ਸ਼ਰਧਾਲੂ ਨਤਮਸਤਕ
ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ। ਯਾਤਰਾ ਦੇ ਸਾਢੇ ਚਾਰ ਮਹੀਨਿਆਂ ਦੌਰਾਨ ਲਗਭਗ 3 ਲੱਖ 68 ਹਜ਼ਾਰ ਸ਼ਰਧਾਲੂਆਂ ਨੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਮੱਥਾ ਟੇਕਿਆ। ਲਗਭਗ 15 ਹਜ਼ਾਰ ਫੁੱਟ ਤੋਂ ਵੱਧ ਉਚਾਈ ’ਤੇ ਸਥਿਤ ਇਸ ਪਵਿੱਤਰ ਧਾਰਮਿਕ ਅਸਥਾਨ ’ਤੇ ਨਤਮਸਤਕ ਹੋਣ ਵਾਲਿਆਂ ਦੀ ਇਹ ਗਿਣਤੀ ਪਿਛਲੇ ਸਾਲਾਂ ਨਾਲੋਂ ਵੱਧ ਦੱਸੀ ਗਈ ਹੈ।