ਪੰਜਾਬ ਦੀ ਕਾਨੂੰਨ-ਵਿਵਸਥਾ ਅਤੇ ਨਸ਼ਿਆਂ ਦੇ ਮੁੱਦੇ ‘ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਦਿੱਤੇ ਗਏ ਬਿਆਨ ਤੋਂ ਬਾਅਦ ਸੂਬੇ ਦੀ ਸਿਆਸਤ ਪੂਰੀ ਤਰ੍ਹਾਂ ਭਖ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਅਮਿਤ ਸ਼ਾਹ ਦੇ ਦੋਸ਼ਾਂ ਦਾ ਮੂੰਹ-ਤੋੜਵਾਂ ਜਵਾਬ ਦਿੰਦਿਆਂ ਕੇਂਦਰੀ ਗ੍ਰਹਿ ਮੰਤਰਾਲੇ ਦੀ ਆਪਣੀ ਕਾਰਗੁਜ਼ਾਰੀ ਅਤੇ ਸਰਹੱਦੀ ਸੁਰੱਖਿਆ ‘ਤੇ ਹੀ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ।
ਮੁੱਖ ਮੰਤਰੀ ਮਾਨ ਨੇ ਗ੍ਰਹਿ ਮੰਤਰੀ ਨੂੰ ਸਿੱਧੇ ਤੌਰ ‘ਤੇ ਨਸੀਹਤ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਜਾਂ ਉਨ੍ਹਾਂ ਬਾਰੇ ਕੁਝ ਵੀ ਬੋਲਣ ਤੋਂ ਪਹਿਲਾਂ ਅਮਿਤ ਸ਼ਾਹ ਨੂੰ ਆਪਣੇ ਸਲਾਹਕਾਰਾਂ ਨਾਲ ਸਲਾਹ-ਮਸ਼ਵਰਾ ਕਰ ਕੇ ਜ਼ਮੀਨੀ ਹਕੀਕਤ ਜਾਣ ਲੈਣੀ ਚਾਹੀਦੀ ਸੀ।
BSF ਦੇ 50 ਕਿਲੋਮੀਟਰ ਦਾਇਰੇ ‘ਤੇ ਚੁੱਕਿਆ ਸਵਾਲ
ਸਰਹੱਦੀ ਸੁਰੱਖਿਆ ਅਤੇ ਗੁਜਰਾਤ ਪੋਰਟ ਦੇ ਮੁੱਦੇ ‘ਤੇ ਘੇਰਿਆ ਭਗਵੰਤ ਮਾਨ ਨੇ ਨਸ਼ਿਆਂ ਦੀ ਤਸਕਰੀ ਨੂੰ ਲੈ ਕੇ ਗ੍ਰਹਿ ਮੰਤਰਾਲੇ ਦੇ ਅਧਿਕਾਰ ਖੇਤਰ ਦੀ ਯਾਦ ਦਿਵਾਉਂਦਿਆਂ ਦੋ ਮੁੱਖ ਨੁਕਤਿਆਂ ‘ਤੇ ਕੇਂਦਰ ਨੂੰ ਘੇਰਿਆ। ਮੁੱਖ ਮੰਤਰੀ ਨੇ ਸਵਾਲ ਚੁੱਕਿਆ ਕਿ ਪੰਜਾਬ ਵਿੱਚ ਕੌਮਾਂਤਰੀ ਸਰਹੱਦ ਤੋਂ 50 ਕਿਲੋਮੀਟਰ ਅੰਦਰ ਤੱਕ ਦਾ ਅਧਿਕਾਰ ਖੇਤਰ ਬੀ.ਐਸ.ਐਫ. ਕੋਲ ਹੈ, ਜੋ ਸਿੱਧੇ ਤੌਰ ‘ਤੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧੀਨ ਆਉਂਦੀ ਹੈ। ਜੇਕਰ ਸਰਹੱਦ ਪਾਰੋਂ ਨਸ਼ਾ ਆ ਰਿਹਾ ਹੈ, ਤਾਂ ਇਸ ਦੀ ਸਿੱਧੀ ਜ਼ਿੰਮੇਵਾਰੀ ਕਿਸ ਦੀ ਹੈ?
ਮੁੱਖ ਮੰਤਰੀ ਮਾਨ ਨੇ ਤਿੱਖਾ ਨਿਸ਼ਾਨਾ ਸਾਧਦਿਆਂ ਕਿਹਾ ਕਿ 3000 ਕਿੱਲੋ ‘ਚਿੱਟਾ’ (ਹੈਰੋਇਨ) ਗੁਜਰਾਤ ਦੇ ਕਾਂਡਲਾ ਪੋਰਟ ਤੋਂ ਫੜਿਆ ਜਾ ਰਿਹਾ ਹੈ, ਜਿੱਥੇ ਭਾਜਪਾ ਦੀ ਆਪਣੀ ਸਰਕਾਰ ਹੈ ਅਤੇ ਬੰਦਰਗਾਹਾਂ ਦੀ ਸੁਰੱਖਿਆ ਕੇਂਦਰ ਦੇ ਹੱਥ ਵਿੱਚ ਹੈ।
ਗ੍ਰਹਿ ਮੰਤਰੀ ਦੇ ਬਿਆਨ ਨੂੰ ਸਿਆਸੀ ਸਟੰਟ ਕਰਾਰ ਦਿੰਦਿਆਂ ਭਗਵੰਤ ਮਾਨ ਨੇ ਬੇਹੱਦ ਤਲਖ਼ ਲਹਿਜੇ ਵਿੱਚ ਕਿਹਾ, “ਅਮਿਤ ਸ਼ਾਹ ਜੀ, ਭਗਵੰਤ ਮਾਨ ਨੂੰ ਦੋਸ਼ ਦੇਣ ਤੋਂ ਪਹਿਲਾਂ ਤੁਸੀਂ ਆਪਣੀ ਜ਼ਿੰਮੇਵਾਰੀ ਸੰਭਾਲੋ। ਪੰਜਾਬ ਦੇ ਹਾਲਾਤਾਂ ਬਾਰੇ ਬਿਆਨ ਦੇਣ ਲੱਗਿਆਂ ਆਪਣੇ ਚਮਚਿਆਂ ਵੱਲੋਂ ਲਿਖੇ-ਲਿਖਾਏ ਟਵੀਟਾਂ ਨੂੰ ਸਿੱਧਾ ‘ਕਾਪੀ-ਪੇਸਟ’ ਨਾ ਕਰੋ।”
ਮੁੱਖ ਮੰਤਰੀ ਦੇ ਇਸ ਜਵਾਬੀ ਹਮਲੇ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਕਾਨੂੰਨ-ਵਿਵਸਥਾ ਅਤੇ ਨਸ਼ਿਆਂ ਦੇ ਮੁੱਦੇ ‘ਤੇ ਭਾਜਪਾ ਦੇ ਕਿਸੇ ਵੀ ਸਿਆਸੀ ਦਬਾਅ ਅੱਗੇ ਝੁਕਣ ਦੇ ਮੂਡ ਵਿੱਚ ਨਹੀਂ ਹੈ, ਸਗੋਂ ਕੇਂਦਰ ਦੀਆਂ ਨਾਕਾਮੀਆਂ ਨੂੰ ਜਨਤਾ ਦੀ ਕਚਹਿਰੀ ਵਿੱਚ ਰੱਖ ਕੇ ਬਰਾਬਰ ਦੀ ਟੱਕਰ ਦੇਵੇਗੀ।